Last 24 Hour Punjab Punjabi

“ਚੁੱਪ ਰਹਿਣਾ ਹੁਣ ਖ਼ਤਰਨਾਕ ਹੈ — ਪੰਜਾਬ ਨੂੰ ਡਰ, ਭ੍ਰਿਸ਼ਟਾਚਾਰ ਅਤੇ ਨਿਰਾਸ਼ਾ ਵੱਲ ਧੱਕਿਆ ਜਾ ਰਿਹਾ ਹੈ”:- ਇਕੋਲਾਹਾ

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ) /25-05-2026

(ਰਿਪੋਰਟ:- ਜੇ ਪੀ ਸਿੰਘ, ਸੁਖਦੇਵ ਸਿੰਘ) 

ਅੱਜ ਪੰਜਾਬ ਇੱਕ ਗੰਭੀਰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਸੰਕਟ ਦੇ ਦੌਰ ਵਿਚੋਂ ਲੰਘ ਰਿਹਾ ਹੈ। ਲੋਕਾਂ ਦੇ ਮਨਾਂ ਵਿੱਚ ਡਰ, ਬੇਚੈਨੀ ਅਤੇ ਅਣਭਰੋਸੇ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਜਿਹੜਾ ਡਰ ਕਦੇ ਸਰਹੱਦਾਂ ਤੱਕ ਸੀਮਿਤ ਸੀ, ਉਹ ਹੁਣ ਪਿੰਡਾਂ, ਗਲੀਆਂ ਅਤੇ ਘਰਾਂ ਤੱਕ ਪਹੁੰਚ ਚੁੱਕਿਆ ਹੈ। ਲੋਕ ਆਪਣੇ ਹੀ ਦੇਸ਼ ਅਤੇ ਆਪਣੇ ਹੀ ਸੂਬੇ ਵਿੱਚ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਰਿਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (RSP) ਦੇ ਸੂਬਾ ਸਕੱਤਰ ਕਰਨੈਲ ਸਿੰਘ ਇਕੋਲਾਹਾਂ ਨੇ ਕੀਤਾ।

ਉਹਨਾਂ ਅੱਗੇ ਕਿਹਾ ਕਿ ਜਦੋਂ ਹਕੂਮਤਾਂ ਲੋਕਾਂ ਦੀ ਸੇਵਾ ਕਰਨ ਦੀ ਥਾਂ ਲੋਕਾਂ ਨੂੰ ਕਾਬੂ ਕਰਨ ਦਾ ਸਾਧਨ ਬਣ ਜਾਣ, ਤਾਂ ਲੋਕਤੰਤਰ ਦੀ ਰੂਹ ਕਮਜ਼ੋਰ ਹੋ ਜਾਂਦੀ ਹੈ। ਪੰਜਾਬ ਵਿੱਚ ਐਸਮਾ ਵਰਗੇ ਕਾਨੂੰਨਾਂ ਦੀ ਵਰਤੋਂ ਅਤੇ ਸਰਕਾਰੀ ਤੰਤਰ ਪ੍ਰਤੀ ਵਧ ਰਹੀ ਨਾਰਾਜ਼ਗੀ ਇਸ ਗੱਲ ਦਾ ਸੰਕੇਤ ਹੈ ਕਿ ਲੋਕ ਅਤੇ ਪ੍ਰਸ਼ਾਸਨ ਵਿਚਕਾਰ ਖਾਈ ਵਧਦੀ ਜਾ ਰਹੀ ਹੈ।

ਉਹਨਾਂ ਅੱਗੇ ਕਿਹਾ ਕਿ ਅੱਜ ਆਮ ਆਦਮੀ ਰਿਸ਼ਵਤਖੋਰੀ,ਭ੍ਰਿਸ਼ਟਾਚਾਰ ਅਤੇ ਅਫਸਰਸ਼ਾਹੀ ਦੇ ਜਾਲ ਵਿੱਚ ਫਸਿਆ ਹੋਇਆ ਹੈ। ਲੋਕ ਆਪਣੇ ਹੀ ਹੱਕਾਂ ਲਈ ਦਫ਼ਤਰਾਂ ਦੇ ਚੱਕਰ ਕੱਟਦੇ ਹਨ, ਪਰ ਇਨਸਾਫ਼ ਦੀ ਥਾਂ ਉਨ੍ਹਾਂ ਨੂੰ ਖੱਜਲ-ਖੁਆਰੀ ਮਿਲਦੀ ਹੈ। ਇਹ ਪ੍ਰਬੰਧ ਲੋਕਾਂ ਲਈ ਨਹੀਂ, ਸਗੋਂ ਕੁਝ ਗਿਣਤੀ ਦੇ ਪ੍ਰਭਾਵਸ਼ਾਲੀ ਵਰਗਾਂ ਲਈ ਕੰਮ ਕਰਦਾ ਨਜ਼ਰ ਆ ਰਿਹਾ ਹੈ।

ਉਹਨਾਂ ਅੱਗੇ ਕਿਹਾ ਕਿ ਪੰਜਾਬ ਦਾ ਨੌਜਵਾਨ ਅੱਜ ਬੇਰੁਜ਼ਗਾਰੀ, ਨਸ਼ਿਆਂ, ਪ੍ਰਵਾਸ ਅਤੇ ਨਿਰਾਸ਼ਾ ਦੇ ਚੱਕਰ ਵਿੱਚ ਫਸਿਆ ਹੋਇਆ ਹੈ। ਖੇਤਾਂ ਵਿੱਚ ਮਿਹਨਤ ਕਰਨ ਵਾਲਾ ਕਿਸਾਨ ਕਰਜ਼ੇ ਹੇਠਾਂ ਦੱਬਿਆ ਪਿਆ ਹੈ। ਜ਼ਮੀਨਾਂ ਵੀ ਵਿਕ ਰਹੀਆਂ ਹਨ ਅਤੇ ਜ਼ਮੀਰ ਵੀ। ਘਰਾਂ ਵਿੱਚ ਸੁਪਨੇ ਨਹੀਂ, ਸਗੋਂ ਚਿੰਤਾ ਅਤੇ ਅਸੁਰੱਖਿਆ ਵਸ ਰਹੀ ਹੈ। ਲੋਕ ਵਿਦੇਸ਼ਾਂ ਨੂੰ ਹੀ ਮੁਕਤੀ ਦਾ ਰਸਤਾ ਸਮਝਣ ਲੱਗ ਪਏ ਹਨ — ਇਹ ਪੰਜਾਬ ਦੀ ਸਭ ਤੋਂ ਵੱਡੀ ਤਰਾਸਦੀ ਹੈ।

ਉਹਨਾਂ ਅੱਗੇ ਕਿਹਾ ਕਿ ਮੁਫ਼ਤ ਸਹੂਲਤਾਂ ਦੇ ਨਾਂ ’ਤੇ ਲੋਕਾਂ ਨੂੰ ਆਤਮਨਿਰਭਰ ਬਣਾਉਣ ਦੀ ਥਾਂ ਨਿਰਭਰ ਬਣਾਇਆ ਜਾ ਰਿਹਾ ਹੈ। ਜਿਹੜਾ ਪੰਜਾਬ ਕਦੇ ਦੇਸ਼ ਨੂੰ ਅੰਨ ਅਤੇ ਮਿਹਨਤ ਦਿੰਦਾ ਸੀ, ਉਸੇ ਪੰਜਾਬ ਨੂੰ ਅੱਜ ਮਨੋਵਿਗਿਆਨਕ ਅਤੇ ਆਰਥਿਕ ਗੁਲਾਮੀ ਵੱਲ ਧੱਕਿਆ ਜਾ ਰਿਹਾ ਹੈ।ਇਹ ਲੜਾਈ ਹਥਿਆਰਾਂ ਦੀ ਨਹੀਂ, ਸਗੋਂ ਵਿਚਾਰਾਂ ਦੀ ਲੜਾਈ ਹੈ। ਲੋਕਾਂ ਨੂੰ ਸਵਾਲ ਪੁੱਛਣੇ ਪੈਣਗੇ —ਖ਼ਜ਼ਾਨਾ ਖਾਲੀ ਕਿਉਂ ਹੈ?,ਟੈਕਸ ਕਿੱਥੇ ਜਾਂਦੇ ਹਨ?,

ਨੌਜਵਾਨ ਬੇਰੁਜ਼ਗਾਰ ਕਿਉਂ ਹਨ?

ਕਿਸਾਨ ਖੁਦਕੁਸ਼ੀਆਂ ਲਈ ਮਜਬੂਰ ਕਿਉਂ ਹਨ?ਅਤੇ ਲੋਕਤੰਤਰ ਵਿੱਚ ਅਸਲੀ ਮਾਲਕ ਕੌਣ ਹੈ?

ਅੱਜ ਲੋੜ ਹੈ ਲੋਕਾਂ ਦੀ ਚੇਤਨਾ ਜਗਾਉਣ ਦੀ, ਇਕੱਠ ਬਣਾਉਣ ਦੀ ਅਤੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦੀ। ਜਦ ਤੱਕ ਪੁਜਾਰੀ, ਵਪਾਰੀ, ਅਧਿਕਾਰੀ ਅਤੇ ਸਿਆਸਤਦਾਨ ਦੀ ਗੱਠਜੋੜ ਲੋਕਾਂ ਦੇ ਸਿਰ ਉੱਤੇ ਭਾਰ ਬਣੀ ਰਹੇਗੀ, ਤਦ ਤੱਕ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਅਸਲੀ ਬਦਲਾਅ ਨਹੀਂ ਆਵੇਗਾ। ਇਤਿਹਾਸ ਗਵਾਹ ਹੈ ਕਿ ਜਦੋਂ ਲੋਕ ਚੁੱਪ ਰਹਿੰਦੇ ਹਨ, ਤਾਂ ਅਨਿਆਂ ਹਰ ਦਰਵਾਜ਼ੇ ਤੱਕ ਪਹੁੰਚ ਜਾਂਦਾ ਹੈ।

Related posts

16 जुलाई से 14 अगस्त तक प्रदेश के सभी जिलों में मनाया जायेगा विकास पर्व

JL News

रिश्वत लेना दारोगा को पडा भारी,एसएसपी ने लिखाया मुकदमा-

JL News

ਕਵੀਸ਼ਰ ਜਗਤ ਨੂੰ ਵੱਡਾ ਘਾਟਾ-ਨਹੀਂ ਰਹੇ ਜਥੇਦਾਰ ਕਾਲਾ ਗੋਰਾਇਆ

JL News
Download Application