*ਆਰਐਸਪੀ ਪੰਜਾਬ ਸੂਬਾ ਕਮੇਟੀ ਵੱਲੋ ਧਮਾਕਿਆਂ ਦੀ ਸੁਤੰਤਰ, ਨਿਰਪੱਖ ਅਤੇ ਸਮੇਂ-ਬੱਧ ਜਾਂਚ ਮੰਗ*
*ਪੰਜਾਬ ਨੂੰ ਕੇਂਦਰ ਅਤੇ ਸੂਬੇ ਦੀ ਸਿਆਸੀ ਟਕਰਾਅ ਦੀ ਪ੍ਰਯੋਗਸ਼ਾਲਾ ਨਾ ਬਣਾਇਆ ਜਾਵੇ :- ਇਕੋਲਾਹਾ*
ਜੇਐਲ ਨਿਊਜ਼ / JL NEWS
ਖੰਨਾ(ਪੰਜਾਬ) / 07-05-2026
(ਰਿਪੋਰਟ -ਜੇ ਪੀ ਸਿੰਘ, ਸੁਖਦੇਵ ਸਿੰਘ)
ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰ ਐਸ. ਪੀ ) ਪੰਜਾਬ ਸੂਬਾ ਕਮੇਟੀ ਦੇ ਸੂਬਾ ਸਕੱਤਰ ਕਰਨੈਲ ਸਿੰਘ ਇਕੋਲਾਹਾ ਨੇ
ਪੰਜਾਬ ਵਿੱਚ ਹੋ ਰਹੇ ਲੜੀਵਾਰ ਧਮਾਕਿਆਂ ਅਤੇ ਉਨ੍ਹਾਂ ਸੰਬੰਧੀ ਵੱਖ-ਵੱਖ ਰਾਜਨੀਤਿਕ ਧਿਰਾਂ ਅਤੇ ਸਰਕਾਰੀ ਉੱਚ ਅਧਿਕਾਰੀਆਂ ਵੱਲੋਂ ਆ ਰਹੇ ਵਿਰੋਧੀ ਬਿਆਨਾਂ ਨੇ ਲੋਕਾਂ ਵਿਚ ਭਾਰੀ ਉਲਝਣ, ਡਰ ਅਤੇ ਭੰਬਲਭੂਸੇ ਦੀ ਸਥਿਤੀ ਪੈਦਾ ਕਰ ਦਿੱਤੀ ਹੈ।
ਉਹਨਾਂ ਅੱਗੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਦੇ ਮੰਤਰੀ ਇਹ ਦੋਸ਼ ਲਾ ਰਹੇ ਹਨ ਕਿ ਧਮਾਕਿਆਂ ਪਿੱਛੇ ਬੀਜੇਪੀ ਦਾ ਹੱਥ ਹੈ, ਦੂਜੇ ਪਾਸੇ ਪੰਜਾਬ ਦੇ ਡੀਜੀਪੀ ਇਨ੍ਹਾਂ ਘਟਨਾਵਾਂ ਲਈ ਪਾਕਿਸਤਾਨ ਪ੍ਰੇਰਿਤ ਤਾਕਤਾਂ ਨੂੰ ਜ਼ਿੰਮੇਵਾਰ ਦੱਸ ਰਹੇ ਹਨ। ਬੀਜੇਪੀ ਦੇ ਆਗੂਆਂ ਵੱਲੋਂ ਸਰਕਾਰ ਤੋਂ ਸਬੂਤ ਮੰਗੇ ਜਾ ਰਹੇ ਹਨ, ਕਾਂਗਰਸ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਵਾਲੀ ਕਹਿ ਰਹੀ ਹੈ ਅਤੇ ਅਕਾਲੀ ਦਲ ਦੇ ਆਗੂ ਬੀਜੇਪੀ ਦੀ ਸਫਾਈ ਦੇ ਰਹੇ ਹਨ।
ਆਰਐਸਪੀ ਪੰਜਾਬ ਸੂਬਾ ਕਮੇਟੀ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਵਿਰੋਧੀ ਅਤੇ ਬਿਨਾਂ ਸਬੂਤ ਬਿਆਨ ਪੰਜਾਬ ਦੇ ਅਮਨ ਅਤੇ ਸਮਾਜਿਕ ਭਾਈਚਾਰੇ ਲਈ ਖ਼ਤਰਨਾਕ ਹਨ। ਪੰਜਾਬ ਪਹਿਲਾਂ ਹੀ ਸੰਘਰਸ਼, ਅੱਤਵਾਦ ਅਤੇ ਰਾਜਨੀਤਿਕ ਅਸਥਿਰਤਾ ਦਾ ਦਰਦ ਸਹਿ ਚੁੱਕਿਆ ਹੈ। ਇਸ ਲਈ ਸੂਬੇ ਨੂੰ ਮੁੜ ਡਰ ਅਤੇ ਬੇਭਰੋਸੇ ਦੇ ਮਾਹੌਲ ਵੱਲ ਧੱਕਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਉਹਨਾਂ ਅੱਗੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਪੰਜਾਬ ਦੇ ਅਸਲੀ ਮੁੱਦੇ — ਬੇਰੁਜ਼ਗਾਰੀ, ਨਸ਼ਾ, ਕਿਸਾਨਾਂ ਦੀ ਕਰਜ਼ੇਦਾਰੀ, ਮਜ਼ਦੂਰਾਂ ਦੀ ਮੰਦਹਾਲੀ ਅਤੇ ਉਦਯੋਗਾਂ ਦੀ ਬਰਬਾਦੀ ਹਨ। ਪਰ ਸਿਆਸੀ ਧਿਰਾਂ ਲੋਕਾਂ ਦੇ ਮੁੱਦਿਆਂ ਦੀ ਥਾਂ ਇਕ-ਦੂਜੇ ਉੱਤੇ ਦੋਸ਼ ਲਗਾਉਣ ਦੀ ਰਾਜਨੀਤੀ ਕਰ ਰਹੀਆਂ ਹਨ।
ਆਰਐਸਪੀ ਪੰਜਾਬ ਸੂਬਾ ਕਮੇਟੀ ਮੰਗ ਕਰਦੀ ਹੈ ਕਿ ਧਮਾਕਿਆਂ ਦੀ ਸੁਤੰਤਰ, ਨਿਰਪੱਖ ਅਤੇ ਸਮੇਂ-ਬੱਧ ਜਾਂਚ ਕਰਵਾਈ ਜਾਵੇ।ਬਿਨਾਂ ਸਬੂਤ ਕਿਸੇ ਵੀ ਧਿਰ ਉੱਤੇ ਦੋਸ਼ ਲਗਾਉਣ ਤੋਂ ਪਰਹੇਜ਼ ਕੀਤਾ ਜਾਵੇ।ਪੰਜਾਬ ਨੂੰ ਕੇਂਦਰ ਅਤੇ ਸੂਬੇ ਦੀ ਸਿਆਸੀ ਟਕਰਾਅ ਦੀ ਪ੍ਰਯੋਗਸ਼ਾਲਾ ਨਾ ਬਣਾਇਆ ਜਾਵੇ।ਲੋਕਾਂ ਵਿਚ ਡਰ ਅਤੇ ਵੰਡ ਪੈਦਾ ਕਰਨ ਵਾਲੀ ਰਾਜਨੀਤੀ ਬੰਦ ਕੀਤੀ ਜਾਵੇ।
ਪੰਜਾਬ ਦੇ ਅਮਨ, ਭਾਈਚਾਰੇ ਅਤੇ ਜਮਹੂਰੀ ਹੱਕਾਂ ਦੀ ਰੱਖਿਆ ਨੂੰ ਸਭ ਤੋਂ ਵੱਡੀ ਤਰਜੀਹ ਦਿੱਤੀ ਜਾਵੇ।
ਅੱਜ ਪੰਜਾਬ ਦੀ ਸਥਿਤੀ ਨੂੰ ਗੁਰਬਾਣੀ ਦੀ ਇਹ ਪੰਗਤੀ ਬਹੁਤ ਡੂੰਘਾਈ ਨਾਲ ਦਰਸਾਉਂਦੀ ਹੈ:
“ਕੂੜ ਅਮਾਵਸ ਸੱਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥”
ਜਦੋਂ ਸੱਚ ਨੂੰ ਰਾਜਨੀਤਿਕ ਧੂੰਧ ਵਿੱਚ ਓਹਲੇ ਕਰਨ ਦੀ ਕੋਸ਼ਿਸ਼ ਹੋਵੇ, ਤਾਂ ਸਭ ਤੋਂ ਵੱਧ ਨੁਕਸਾਨ ਆਮ ਲੋਕਾਂ ਅਤੇ ਲੋਕਤੰਤਰ ਦਾ ਹੁੰਦਾ ਹੈ।
