Last 24 Hour Punjab Punjabi

ਭਾਰਤ ਛੱਡੋ ਅੰਦੋਲਨ ਦੀ 84ਵੀਂ ਵਰ੍ਹੇਗੰਢ ਮੌਕੇ RSP ਵੱਲੋਂ ‘ਕਾਰਪੋਰੇਟ ਵਿਰੋਧੀ ਦਿਵਸ’ ਮਨਾਇਆ-

ਜੇਐਲ ਨਿਊਜ਼ / JL NEWS

ਖੰਨਾ (ਪੰਜਾਬ) / 10-08-2026

(ਰਿਪੋਰਟ – ਜੇ ਪੀ ਸਿੰਘ, ਸੁਖਦੇਵ ਸਿੰਘ)

ਪਿੰਡ ਕਿਸ਼ਨਗੜ੍ਹ ਵਿਖ਼ੇ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (RSP) ਪੰਜਾਬ ਸੂਬਾ ਕਮੇਟੀ ਵੱਲੋਂ ਭਾਰਤ ਛੱਡੋ ਅੰਦੋਲਨ ਦੀ 84ਵੀਂ ਵਰ੍ਹੇਗੰਢ ਨੂੰ ‘ਕਾਰਪੋਰੇਟ ਵਿਰੋਧੀ ਦਿਵਸ’ ਵਜੋਂ ਮਨਾਉਂਦਿਆਂ ਪਿੰਡ ਕਿਸਨਗੜ੍ਹ ਵਿਖੇ ਵਿਸ਼ੇਸ਼ ਸਮਾਗਮ ਕੀਤਾ ਗਿਆ। ਸਮਾਗਮ ਦੀ ਅਗਵਾਈ ਜਥੇਦਾਰ ਸਰਬਜੀਤ ਸਿੰਘ ਖਾਲਸਾ ਉਮੀਦਵਾਰ ਵਿਧਾਨ ਸਭਾ ਹਲਕਾ ਖੰਨਾ ਨੇ ਕੀਤੀ।

8 ਅਗਸਤ 1942 ਨੂੰ ਭਾਰਤ ਛੱਡੋ ਅੰਦੋਲਨ ਦਾ ਸੱਦਾ ਦਿੱਤਾ ਗਿਆ ਸੀ ਅਤੇ ਇਸ ਅੰਦੋਲਨ ਨੇ ਬਰਤਾਨਵੀ ਬਸਤੀਵਾਦੀ ਹਕੂਮਤ ਵਿਰੁੱਧ ਆਜ਼ਾਦੀ ਦੀ ਲਹਿਰ ਨੂੰ ਨਿਰਣਾਇਕ ਮੋੜ ਦਿੱਤਾ।

ਇਸ ਮੌਕੇ ਸੰਬੋਧਨ ਕਰਦਿਆਂ ਜਥੇਦਾਰ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਆਜ਼ਾਦੀ ਦੇ ਪ੍ਰਵਾਨਿਆਂ ਨੇ ਅੰਗਰੇਜ਼ੀ ਸਾਮਰਾਜ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ। ਅੱਜ ਆਜ਼ਾਦੀ ਦੇ ਦਹਾਕਿਆਂ ਬਾਅਦ ਵੀ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਛੋਟੇ ਕਾਰੋਬਾਰੀਆਂ ਸਾਹਮਣੇ ਆਰਥਿਕ ਅਤੇ ਸਮਾਜਿਕ ਚੁਣੌਤੀਆਂ ਖੜ੍ਹੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਕੁਦਰਤੀ ਸਰੋਤਾਂ, ਜ਼ਮੀਨ, ਖਣਿਜ, ਬਿਜਲੀ, ਪਾਣੀ, ਖੇਤੀਬਾੜੀ ਅਤੇ ਜਨਤਕ ਅਦਾਰਿਆਂ ਨੂੰ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਨੀਤੀ ਦਾ RSP ਡਟ ਕੇ ਵਿਰੋਧ ਕਰੇਗੀ।

ਉਨ੍ਹਾਂ ਕਿਹਾ ਕਿ ਭਾਰਤ ਛੱਡੋ ਅੰਦੋਲਨ ਦਾ ਅਸਲ ਸੰਦੇਸ਼ ਸਿਰਫ਼ ਵਿਦੇਸ਼ੀ ਹਕੂਮਤ ਤੋਂ ਮੁਕਤੀ ਨਹੀਂ, ਸਗੋਂ ਲੋਕਾਂ ਦੀ ਆਰਥਿਕ ਅਤੇ ਰਾਜਨੀਤਿਕ ਆਜ਼ਾਦੀ ਵੀ ਹੈ। ਅੱਜ ਇਸੇ ਭਾਵਨਾ ਨੂੰ ਅੱਗੇ ਵਧਾਉਂਦਿਆਂ “ਕਾਰਪੋਰੇਟ ਘਰਾਣਿਓਂ ਭਾਰਤ ਛੱਡੋ” ਦਾ ਨਾਅਰਾ ਲੋਕਾਂ ਵਿੱਚ ਲੈ ਕੇ ਜਾਣ ਦੀ ਲੋੜ ਹੈ।

ਕਿਸਾਨੀ ਨੂੰ ਕਾਰਪੋਰੇਟ ਕਬਜ਼ੇ ਤੋਂ ਬਚਾਉਣ ਦੀ ਮੰਗ

ਆਰ. ਐਸ.ਪੀ ਆਗੂਆਂ ਨੇ ਕਿਹਾ ਕਿ ਖੇਤੀਬਾੜੀ ਨੂੰ ਕਾਰਪੋਰੇਟ ਕੰਪਨੀਆਂ ਦੇ ਹਵਾਲੇ ਕਰਨ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕੀਤਾ ਜਾਵੇਗਾ। MSP ਦੀ ਕਾਨੂੰਨੀ ਗਾਰੰਟੀ, C2+50% ਦੇ ਅਧਾਰ ’ਤੇ ਫਸਲਾਂ ਦੇ ਭਾਅ, ਕਿਸਾਨਾਂ ਦੀ ਕਰਜ਼ਾ ਮੁਕਤੀ, ਜਨਤਕ ਖੇਤਰ ਦੀ ਰਾਖੀ ਅਤੇ ਬੇਜ਼ਮੀਨੇ ਮਜ਼ਦੂਰਾਂ ਨੂੰ ਜ਼ਮੀਨ ਦੇਣ ਵਰਗੀਆਂ ਮੰਗਾਂ ਨੂੰ ਲੋਕ ਲਹਿਰ ਦਾ ਹਿੱਸਾ ਬਣਾਉਣ ਦਾ ਸੱਦਾ ਦਿੱਤਾ ਗਿਆ।

ਆਗੂਆਂ ਨੇ ਕਿਹਾ ਕਿ ਸਰਕਾਰੀ ਸੰਸਥਾਵਾਂ ਅਤੇ ਜਨਤਕ ਸਰੋਤਾਂ ਦਾ ਨਿੱਜੀਕਰਨ ਕਰਕੇ ਦੇਸ਼ ਦੀ ਦੌਲਤ ਕੁਝ ਹੱਥਾਂ ਵਿੱਚ ਕੇਂਦਰਿਤ ਕਰਨਾ ਆਮ ਲੋਕਾਂ ਦੇ ਹਿੱਤ ਵਿੱਚ ਨਹੀਂ ਹੈ। ਬਿਜਲੀ, ਪਾਣੀ, ਸਿੱਖਿਆ, ਸਿਹਤ ਅਤੇ ਰੇਲਵੇ ਵਰਗੀਆਂ ਜਨਤਕ ਸੇਵਾਵਾਂ ਨੂੰ ਮੁਨਾਫ਼ਾਖੋਰੀ ਤੋਂ ਬਚਾਉਣਾ ਜ਼ਰੂਰੀ ਹੈ।

ਨੌਜਵਾਨਾਂ ਲਈ ਰੁਜ਼ਗਾਰ ਅਤੇ ਪੰਜਾਬ ਲਈ ਨਵੀਂ ਦਿਸ਼ਾ

ਆਰਐਸਪੀ ਸੂਬਾ ਕਮੇਟੀ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਰੁਜ਼ਗਾਰ ਦੀ ਘਾਟ ਕਾਰਨ ਵਿਦੇਸ਼ ਜਾਣ ਲਈ ਮਜਬੂਰ ਹੋ ਰਿਹਾ ਹੈ। ਸਰਕਾਰਾਂ ਨੂੰ ਨੌਜਵਾਨਾਂ ਲਈ ਪੱਕੇ ਰੁਜ਼ਗਾਰ, ਸਰਕਾਰੀ ਵਿਭਾਗਾਂ ਵਿੱਚ ਖਾਲੀ ਅਸਾਮੀਆਂ ਦੀ ਭਰਤੀ, ਸਿੱਖਿਆ ਅਤੇ ਹੁਨਰ ਵਿਕਾਸ ਲਈ ਠੋਸ ਨੀਤੀ ਬਣਾਉਣੀ ਚਾਹੀਦੀ ਹੈ।

ਪਾਰਟੀ ਨੇ ਕਿਹਾ ਕਿ ਪੰਜਾਬ ਦੀ ਖੇਤੀ, ਛੋਟੀ ਸਨਅਤ, ਖੇਤੀ-ਅਧਾਰਿਤ ਉਦਯੋਗ, ਫੂਡ ਪ੍ਰੋਸੈਸਿੰਗ ਅਤੇ ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਕੇ ਪਿੰਡਾਂ ਵਿੱਚ ਹੀ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਦੇ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿੰਦਰ ਕੌਰ ਪਿਆਰਾ ਸਿੰਘ ਦੇਵੀ ਸਿੰਘ ਬਰਿੰਦਰ ਸਿੰਘ ਪਰਦੀਪ ਸਿੰਘ ਪ੍ਰਧਾਨ ਬਲਵੰਤ ਸਿੰਘ ਘੁੰਗਰਾਲੀ ਜਸਪਾਲ ਸਿੰਘ ਖਾਲਸਾ ਹਰਦੀਪ ਅਵਤਾਰ ਸਿੰਘ ਖਾਲਸਾ ਸਿੰਘ ਖਾਲਸਾ ਮਨਜੀਤ ਸਿੰਘ ਖਾਲਸਾ ਪ੍ਰਦੀਪ ਸਿੰਘ ਖਾਲਸਾ ਬਲਜਿੰਦਰ ਸਿੰਘ ਬੀਜਾ ਸ਼ਮਸ਼ੇਰ ਸਿੰਘ ਖਾਲਸਾ ਬਲਦੇਵ ਸਿੰਘ ਖਾਲਸਾ ਮੌਜੂਦ ਸਨ ।

Related posts

ਜੂਨ ਮਹੀਨੇ ਦੀ ਗਰਮੀ ਤੋਂ ਸ਼ਹਿਦ ਦੀਆਂ ਮੱਖੀਆਂ ਨੂੰ ਬਚਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ – ਮਾਹਿਰ

JL News

ਇਸਤਰੀ ਵਿੰਗ ਵੱਲੋਂ ਵਾਰਡ ਪੱਧਰ ‘ਤੇ ਮੀਟਿੰਗਾਂ ਜਾਰੀ, ਕੀਤੀਆਂ ਨਵੀਆਂ ਨਿਯੁਕਤੀਆਂ-

JL News

ਮਿਸਨ ਫ਼ਤਿਹ 2027 ਤਹਿਤ ਵਿਧਾਨ ਸਭਾ ਬੱਸੀ ਪਠਾਣਾਂ ਭਾਰਤੀ ਜਨਤਾ ਪਾਰਟੀ (ਬੀਜੇਪੀ) ਦਾ ਮੁੱਖ ਦਫਤਰ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਗਿਆ।

JL News
Download Application