Punjab Punjabi ताजा खबरे देश राज्य

ਦੇਸ਼ ਖਾਤਰ ਜਾਨਾਂ ਵਾਰਨ ਵਾਲੇ ਬਹਾਦਰ ਪੁਲਿਸ ਜਵਾਨਾਂ ਨੂੰ ਗੁਰਦਾਸਪੁਰ ਪੁਲਿਸ ਨੇ ਸ਼ਹੀਦੀ ਦਿਵਸ ਮੌਕੇ ਦਿੱਤੀ ਸ਼ਰਧਾਂਜਲੀ।

ਜੇਐਲ ਨਿਊਜ਼ / JL NEWS

ਗੁਰਦਾਸਪੁਰ(ਪੰਜਾਬ) / 21-10-2022

ਸੁਰੱਖਿਆ ਫੋਰਸਾਂ ਦੇ ਬਹਾਦਰ ਯੋਧਿਆਂ ਦੀਆਂ ਕੁਰਬਾਨੀ ਸਦਕਾ ਹੀ ਕਾਇਮ ਹੈ ਅਮਨ-ਸ਼ਾਂਤੀ – ਐੱਸ.ਐੱਸ.ਪੀ. ਗੁਰਦਾਸਪੁਰ

ਸ਼ਹੀਦਾਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈ ਕੇ ਹਰ ਬਸ਼ਿੰਦਾ ਦੇਸ ਤੇ ਸਮਾਜ ਪ੍ਰਤੀ ਆਪਣੇ ਫਰਜਾਂ

ਪੰਜਾਬ ਪੁਲਿਸ ਦੇ ਬਹਾਦਰ ਜਵਾਨਾਂ ਨੇ ਹਮੇਸ਼ਾਂ ਹੀ ਸੂਬੇ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਦਿਆਂ ਵੱਡੀਆਂ ਕੁਰਬਾਨੀਆਂ ਦੇ ਕੇ ਸ਼ਾਨਾਮੱਤਾ ਇਤਿਹਾਸ ਸਿਰਜਿਆ ਹੈ। ਪੰਜਾਬ ਪੁਲਿਸ ਨੂੰ ਆਪਣੇ ਉਨਾਂ ਮਹਾਨ ਸ਼ਹੀਦਾਂ ਉੱਪਰ ਹਮੇਸ਼ਾਂ ਫ਼ਖਰ ਰਹੇਗਾ ਜਿਨਾਂ ਦੀ ਬਦੌਲਤ ਸੂਬਾ ਪੰਜਾਬ ਅੱਤਵਾਦ ਦੇ ਕਾਲੇ ਦੌਰ ਵਿਚੋਂ ਬਾਹਰ ਨਿਕਲ ਸਕਿਆ ਸੀ।

ਇਹ ਪ੍ਰਗਟਾਵਾ ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਦੀਪਕ ਹਿਲੋਰੀ ਨੇ ਅੱਜ ਸਥਾਨਕ ਪੁਲਸ ਲਾਈਨ ਵਿਖੇ ਸੋਗ ਪਰੇਡ ਦਿਵਸ (ਪੁਲਿਸ ਕੋਮੈਮੋਰੇਸ਼ਨ ਡੇਅ ਪਰੇਡ) ਮੌਕੇ ਸ਼ਹੀਦ ਹੋਏ ਪੰਜਾਬ ਪੁਲਸ ਤੇ ਹੋਰ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਟ ਕਰਦਿਆਂ ਆਪਣੇ ਸੰਬੋਧਨ ਦੌਰਾਨ ਕੀਤਾ। ਉਨਾਂ ਕਿਹਾ ਕਿ ਅੱਜ ਦੇ ਦਿਨ 21 ਅਕਤੂਬਰ 1959 ਨੂੰ ਲਦਾਖ ਦੇ ਹੌਟ ਸਪਰਿੰਗਜ਼ ਵਿਖੇ ਚੀਨ ਦੇ ਬਾਰਡਰ ’ਤੇ ਪੈਟਰੋਲਿੰਗ ਕਰ ਰਹੀ ਸੀ.ਆਰ.ਪੀ.ਐੱਫ ਦੀ ਟੁੱਕੜੀ ’ਤੇ ਚੀਨੀ ਫੌਜੀਆਂ ਨੇ ਘਾਤ ਲਗਾ ਕੇ ਹਮਲਾ ਕੀਤਾ ਸੀ, ਜਿਸਦਾ ਸਾਡੇ ਦੇਸ਼ ਦੇ ਜਵਾਨਾਂ ਨੇ ਬੜੀ ਦਲੇਰੀ ਤੇ ਬਹਾਦਰੀ ਨਾਲ ਮੁਕਾਬਲਾ ਕੀਤਾ ਅਤੇ ਦੇਸ਼ ਦੀ ਰਾਖੀ ਲਈ ਇਹ ਜਵਾਨ ਸ਼ਹਾਦਤ ਪ੍ਰਾਪਤ ਕਰ ਗਏ ਸਨ। ਉਨਾਂ ਸ਼ਹੀਦਾਂ ਦੀ ਯਾਦ ਵਿਚ ਸਾਲ 1960 ਤੋਂ ਦੇਸ਼ ਦੀਆਂ ਸਾਰੀਆਂ ਪੁਲਿਸ ਫੋਰਸਿਜ਼, ਸੁਰੱਖਿਆ ਬਲਾਂ ਵਲੋਂ ਲਏ ਗਏ ਫੈਸਲੇ ਮੁਤਾਬਕ ਹਰ ਸਾਲ 21 ਅਕਤੂਬਰ ਦਾ ਦਿਨ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਜਾਨਾਂ ਵਾਰਨ ਵਾਲੇ ਬਹਾਦਰ ਜਵਾਨਾਂ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਹੈ।

ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਦੀਪਕ ਹਿਲੋਰੀ ਨੇ ਕਿਹਾ ਕਿ ਸ਼ਹੀਦ ਦੇਸ਼ ਤੇ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਪੂਰਾ ਦੇਸ਼ ਹਮੇਸ਼ਾਂ ਆਪਣੇ ਸ਼ਹੀਦਾਂ ਦਾ ਕਰਜ਼ਦਾਰ ਰਹੇਗਾ। ਉਨਾਂ ਦੱਸਿਆ ਕਿ ਪੰਜਾਬ ਪੁਲਿਸ ਨੇ ਅੱਤਵਾਦ ਨੂੰ ਖਤਮ ਕਰਨ ਲਈ ਬੜੀ ਬਹਾਦਰੀ ਨਾਲ ਲੜਾਈ ਲੜੀ ਹੈ ਅਤੇ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਤੋਂ ਲੈ ਕੇ ਸਿਪਾਹੀ ਤੱਕ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਉਨਾਂ ਕਿਹਾ ਕਿ ਅੱਤਵਾਦ ਨੂੰ ਖਤਮ ਕਰਨ ਲਈ ਪੁਲਿਸ ਜ਼ਿਲਾ ਗੁਰਦਾਸਪੁਰ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਅਤੇ ਗੁਰਦਾਸਪੁਰ ਪੁਲਿਸ ਦੇ 95 ਜਵਾਨਾਂ ਨੇ ਅਮਨ ਸ਼ਾਂਤੀ ਕਾਇਮ ਕਰਨ ਲਈ ਆਪਣੀਆਂ ਜਾਨਾਂ ਵਾਰ ਕੇ ਸ਼ਹਾਦਤਾਂ ਪਾਈਆਂ ਹਨ। ਉਨਾਂ ਕਿਹਾ ਕਿ ਸ਼ਹੀਦਾਂ ਦੇ ਪਰਿਵਾਰ ਸਾਡੇ ਆਪਣੇ ਪਰਿਵਾਰ ਹਨ ਅਤੇ ਪੁਲਿਸ ਵਿਭਾਗ ਸ਼ਹੀਦ ਪਰਿਵਾਰਾਂ ਦੇ ਹਰ ਦੁੱਖ-ਸੁੱਖ ਦੀ ਘੜੀ ਵਿੱਚ ਉਨਾਂ ਦੇ ਨਾਲ ਖੜਾ ਹੈ।

ਐੱਸ.ਐਸ.ਪੀ. ਗੁਰਦਾਸਪੁਰ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਜਿਥੇ ਅੱਤਵਾਦ ਖਿਲਾਫ ਲੜਾਈ ਲੜੀ ਹੈ ਓਥੇ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਵੀ ਜੰਗ ਲੜੀ ਜਾ ਰਹੀ ਹੈ। ਉਨਾਂ ਕਿਹਾ ਕਿ ਗੁਰਦਾਸਪੁਰ ਪੁਲਿਸ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸਾਡੀਆਂ ਸੁਰੱਖਿਆ ਫੋਰਸਾਂ ਦੇ ਬਹਾਦਰ ਜਵਾਨ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਆਪਣਾ ਆਪਾ ਵਾਰਨ ਤੋਂ ਵੀ ਪਿੱਛੇ ਨਹੀਂ ਹੱਟਦੇ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈ ਕੇ ਸਾਨੂੰ ਵੀ ਦੇਸ ਅਤੇ ਸਮਾਜ ਪ੍ਰਤੀ ਆਪਣੇ ਫਰਜਾਂ ਨੂੰ ਨਿਭਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹੀਦ ਪਰਿਵਾਰਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਤੋਂ ਪਹਿਲਾਂ ਡੀ.ਐੱਸ.ਪੀ. ਕਲਾਨੌਰ ਸ. ਗੁਰਵਿੰਦਰ ਸਿੰਘ ਚੰਦੀ ਦੀ ਕਮਾਂਡ ਹੇਠ ਪੁਲਿਸ ਦੇ ਜਵਾਨਾਂ ਨੇ ਸ਼ੋਕ ਸਲਾਮੀ ਦੌਰਾਨ ਹਥਿਆਰ ਉਲਟੇ ਕਰਕੇ ਸ਼ਹੀਦ ਅਫਸਰਾਂ ਤੇ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਦੋ ਮਿੰਟ ਦਾ ਮੌਨ ਧਾਰਨ ਕੀਤਾ। ਇਸ ਮੌਕੇ ਡੀ.ਐਸ.ਪੀ. ਸਿਟੀ ਡਾ. ਰਿਪੂਤਪਨ ਸਿੰਘ ਨੇ ਪਿਛਲੇ ਇੱਕ ਸਾਲ ਦੌਰਾਨ ਦੇਸ਼ ਭਰ ਵਿੱਚ ਸ਼ਹੀਦ ਹੋਏ 261 ਸੁਰੱਖਿਆ ਜਵਾਨਾਂ ਦੇ ਨਾਮ ਪੜ ਕੇ ਉਨਾਂ ਨੂੰ ਸ਼ਰਧਾਂਜਲੀ ਦਿੱਤੀ।

ਇਸ ਮੈਕੇ ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਦੀਪਕ ਹਿਲੋਰੀ, ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ, ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਸ. ਪਰਮਿੰਦਰ ਸਿੰਘ ਰਾਏ, ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ, ਆਰ.ਟੀ.ਏ. ਸ. ਗੁਰਮੀਤ ਸਿੰਘ, ਐੱਸ.ਪੀ. (ਡੀ) ਸ. ਪ੍ਰਿਥੀਪਾਲ ਸਿੰਘ, ਐੱਸ.ਪੀ. ਹੈੱਡਕੁਆਟਰ ਸ. ਨਵਜੋਤ ਸਿੰਘ ਸੰਧੂ, ਸਮੂਹ ਡੀ.ਐੱਸ.ਪੀਜ਼, ਐੱਸ.ਐੱਚ.ਓਜ਼, ਸਾਬਕਾ ਪੁਲਿਸ ਅਧਿਕਾਰੀਆਂ ਅਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਸ਼ਹੀਦੀ ਯਾਦਗਾਰ ’ਤੇ ਫੁੱਲ ਮਲਾਵਾਂ ਚੜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਸ਼ਹੀਦੀ ਸਮਾਗਮ ਦੇ ਅਖੀਰ ਵਿੱਚ ਐੱਸਐੱਸ.ਪੀ. ਗੁਰਦਾਸਪੁਰ ਅਤੇ ਡਿਪਟੀ ਕਮਿਸ਼ਨਰ ਨੇ ਸ਼ਹੀਦ ਪਰਿਵਾਰਾਂ ਦਾ ਆਦਰ-ਮਾਣ ਕੀਤਾ ਅਤੇ ਉਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ।

Related posts

Ratings of Illinois’ Prime Insurance Company Upgraded

Web1Tech

How Life Insurance Can Shave Your Capital Gains Tax

Web1Tech

01 ਨਵੰਬਰ ਦੀ ਬਹਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਪੰਜਾਬ ਭਰ ਦੇ ਪੱਤਰਕਾਰਾਂ ਨੂੰ ਆਪਣੀਆਂ ਲਟਕਦੀਆਂ ਮੰਗਾਂ ਸਰਕਾਰ ਸਾਹਮਣੇ ਸਾਂਝੀਆਂ ਕਰਨ ਲਈ ਦੇਣ ਸੱਦਾ – ਰਣਦੀਪ ਕੁਮਾਰ ਸਿੱਧੂ 

JL News
Download Application