ਵਿਧਾਇਕ ਅਮਰਪਾਲ ਨੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਸਨੀਕਾਂ ਲਈ ਵੱਟਸਐਪ ਹੈਲਪਲਾਈਨ ਨੰਬਰ 79863-50036 ਜਾਰੀ ਕੀਤਾ।
ਹਲਕਾ ਵਾਸੀ ਆਪਣੀ ਕੋਈ ਵੀ ਮੁਸ਼ਕਲ, ਸ਼ਿਕਾਇਤ ਜਾਂ ਮੰਗ ਹੈਲਪਲਾਈਨ ਨੰਬਰ ’ਤੇ ਭੇਜਣ।
ਜੇਐਲ ਨਿਊਜ਼ / JL NEWS
ਬਟਾਲਾ(ਪੰਜਾਬ) / 05-07-2022
ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਸਨੀਕਾਂ ਦੀ ਸਹੂਲਤ ਲਈ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਵੱਟਸਐਪ ਦਾ ਇੱਕ ਹੈਲਪਲਾਈਨ ਨੰਬਰ 79863-50036 ਜਾਰੀ ਕੀਤਾ ਹੈ, ਜਿਸ ਰਾਹੀਂ ਹਲਕਾ ਵਾਸੀ ਆਪਣੀ ਕੋਈ ਵੀ ਮੁਸ਼ਕਲ, ਸ਼ਿਕਾਇਤ ਜਾਂ ਮੰਗ ਵਿਧਾਇਕ ਤੱਕ ਸਿੱਧੀ ਪਹੁੰਚਾ ਸਕਦੇ ਹਨ।
ਇਸ ਹੈਲਪ ਲਾਈਨ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਦੱਸਿਆ ਕਿ ਹਲਕਾ ਵਾਸੀਆਂ ਨੂੰ ਆਪਣੀਆਂ ਮੁਸ਼ਕਲਾਂ ਜਾਂ ਸ਼ਿਕਾਇਤਾਂ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਨਾ ਮਾਰਨੇ ਪੈਣ ਇਸ ਲਈ ਉਨ੍ਹਾਂ ਨੇ ਇਹ ਹੈਲਪ ਲਾਈਨ ਨੰਬਰ ਜਾਰੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਨੰਬਰ ਉੱਪਰ ਹਲਕੇ ਦਾ ਕੋਈ ਵੀ ਵਸਨੀਕ ਆਪਣੀ ਸ਼ਿਕਾਇਤ, ਮੁਸ਼ਕਲ ਜਾਂ ਮੰਗ ਲਿਖ ਕੇ ਭੇਜ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਨੰਬਰ ਹਰ ਸਮੇਂ ਚੱਲਦਾ ਰਹੇਗਾ ਅਤੇ ਇਸ ਉੱਪਰ ਆਈਆਂ ਸਾਰੀਆਂ ਸ਼ਿਕਾਇਤਾਂ ਦੀ ਉਹ ਤੇ ਉਨ੍ਹਾਂ ਦੀ ਟੀਮ ਨਿੱਜੀ ਤੌਰ ’ਤੇ ਨਿਗਰਾਨੀ ਕਰਨਗੇ। ਉਨ੍ਹਾਂ ਕਿਹਾ ਕਿ ਹਰ ਸ਼ਿਕਾਇਤ ਦੇ ਜਲਦ ਨਿਪਟਾਰੇ ਲਈ ਸਬੰਧਤ ਵਿਭਾਗ ਕੋਲ ਭੇਜਣ ਤੋਂ ਇਲਾਵਾ ਉਸਦੀ ਪੈਰਵੀ ਵੀ ਕੀਤੀ ਜਾਵੇਗੀ।
ਵਿਧਾਇਕ ਅਮਰਪਾਲ ਸਿੰਘ ਨੇ ਕਿਹਾ ਕਿ ਹੁਣ ਲੋਕਾਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਵਿੱਚ ਖੁਆਰ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਇਮਾਨਦਾਰ ਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ। ਉਨ੍ਹਾਂ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੀ ਕੋਈ ਮੁਸ਼ਕਲ, ਸ਼ਿਕਾਇਤ ਜਾਂ ਮੰਗ ਹੈ ਤਾਂ ਉਹ ਵਟਸਐਪ ਨੰਬਰ 79863-50036 ਉੱਪਰ ਭੇਜਣ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਦਫ਼ਤਰ ਵੱਲੋਂ ਉਸ ਉੱਪਰ ਯੋਗ ਕਾਰਵਾਈ ਕੀਤੀ ਜਾਵੇਗੀ।