*ਲੰਬਿਤ ਪਏ ਮਾਮਲਿਆਂ ਨੂੰ ਮਿੱਥੇ ਸਮੇਂ ਵਿਚ ਨੇਪਰੇ ਚਾੜਨ ਦੇ ਦਿੱਤੇ ਆਦੇਸ਼*
ਜੇਐਲ ਨਿਊਜ਼ / JL NEWS
ਐਸ ਏ ਐਸ ਨਗਰ(ਪੰਜਾਬ)/27-10-2022
ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਪੇਂਡੂ ਵਿਕਾਸ ਤਹਿਤ ਚੱਲ ਰਹੀਆਂ ਵੱਖ ਵੱਖ ਸਕੀਮਾਂ ਦੇ ਕੰਮਾਂ ਦੀ ਸਮੀਖਿਆ ਕੀਤੀ ਗਈ ਜਿਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਉਂਦੇ ਹੋਏ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾਏ ਜਾਣ ਅਤੇ ਚਲ ਰਹੇ ਵਿਕਾਸ ਨੂੰ ਵੀ ਮਿਥੇ ਸਮੇਂ ਵਿੱਚ ਪੂਰਾ ਕੀਤਾ ਜਾਵੇ। ਉਨ੍ਹਾਂ ਨੇ ਜ਼ਿਲ੍ਹੇ ਦੀਆਂ ਸਾਰੀਆਂ ਖਰਾਬ ਸੜਕਾਂ ਦੀ ਮੁਰੰਮਤ ਕਰਨ ਅਤੇ ਛੋਟੀਆਂ ਸੜਕਾਂ ਨੂੰ ਚੌੜੀਆਂ ਕਰਨ ਦੇ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਮੁਕੰਮਲ ਹੋਏ ਕੰਮਾਂ ਦੀ ਪ੍ਰਗਤੀ ਰਿਪੋਰਟ ਤਿਆਰ ਕੀਤੀ ਜਾਵੇ।
ਇਸ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ , ਬੀ.ਡੀ.ਪੀ.ਓਜ਼, ਵੱਖ ਵੱਖ ਵਿਭਾਗਾਂ ਦੇ ਕਾਰਜਕਾਰੀ ਇੰਜੀਨੀਅਰਜ਼ ਅਤੇ ਹੋਰ ਸੀਨੀਅਰ ਅਧਿਕਾਰੀਆਂ ਤੋਂ ਪਿੰਡਾਂ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਸਬੰਧੀ ਜਾਣਕਾਰੀ ਹਾਸਲ ਕਰਦੇ ਹੋਏ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸੂਬਾ ਸਰਕਾਰ ਵੱਲੋਂ ਲੋਕ ਭਲਾਈ ਵਿਕਾਸ ਕਾਰਜਾਂ ਹਿੱਤ ਸਾਰੀਆਂ ਯੋਜਨਾਵਾਂ ਦਾ ਲਾਭ ਜ਼ਮੀਨੀ ਪੱਧਰ ’ਤੇ ਯੋਗ ਵਿਅਕਤੀਆਂ ਤੱਕ ਪਹੁੰਚੇ। ਉਨ੍ਹਾਂ ਮੀਟਿੰਗ ਦੇ ਦੌਰਾਨ ਪੰਚਾਇਤ ਘਰਾਂ ਸਬੰਧੀ ਵਿਕਾਸ ਕਾਰਜ, ਸਕੂਲਾਂ ਵਿੱਚ ਕਰਵਾਏ ਜਾ ਰਹੇ ਕਾਰਜ, ਪਾਰਕਾਂ ਸਬੰਧੀ, ਯੋਗ ਥਾਵਾਂ ਤੇ ਖੇਡ ਮੈਦਾਨ ਅਤੇ ਯੋਗ ਥਾਵਾਂ ਤੇ ਵਾਲੀਬਾਲ ਮੈਦਾਨ ਬਣਾਉਣ ਸਬੰਧੀ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਅਤੇ ਪਾਣੀ ਦੇ ਟਿਊਬਲਾਂ ਸਬੰਧੀ ਕਾਰਜ, ਪੀ.ਡਬਲਿਊ ਵਰਕਸ, ਸਵੱਛਤਾ ਸਰਵੇਖਣ ਆਦਿ ਯੋਜਨਾਵਾਂ ਦਾ ਜਾਇਜ਼ਾ ਲੈਂਦੇ ਹੋਏ ਸਬੰਧਤ ਵਿਭਾਗਾਂ ਦੇ ਕੰਮਾਂ ਨੂੰ ਸਮੇਂ ਸਿਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।ਸ
ਇਸ ਮੀਟਿੰਗ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀਮਤੀ ਅਵਨੀਤ ਕੌਰ, ਐਸ.ਡੀ.ਐਮ ਡੇਰਾਬਸੀ ਹਿਮਾਂਸੂ ਗੁਪਤਾ, ਐਸ.ਡੀ.ਐਮ. ਖਰੜ ਰਵਿੰਦਰ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ।