ਜੇਐਲ ਨਿਊਜ਼ / JL NEWS
ਖੰਨਾ(ਪੰਜਾਬ) / 02-09-2026
(ਰਿਪੋਰਟ – ਜੇ ਪੀ ਸਿੰਘ, ਸੁਖਦੇਵ ਸਿੰਘ)
ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰ.ਐਸ.ਪੀ.) ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਖੰਨਾ ਵਿਧਾਨ ਸਭਾ ਹਲਕੇ ਤੋਂ ਐਲਾਨੇ ਗਏ ਉਮੀਦਵਾਰ ਜਥੇਦਾਰ ਸਰਬਜੀਤ ਸਿੰਘ ਖਾਲਸਾ ਵੱਲੋਂ ਪਿੰਡਾਂ ਵਿੱਚ ਕੀਤੀਆਂ ਜਾ ਰਹੀਆਂ ਮੀਟਿੰਗਾਂ ਅਤੇ ਜਨ ਸੰਪਰਕ ਮੁਹਿੰਮ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਇਸੇ ਤਹਿਤ ਪਿੰਡ ਕਿਸ਼ਨਗੜ੍ਹ ਵਿਖੇ ਪਹੁੰਚਣ ’ਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਵੱਲੋਂ ਜਥੇਦਾਰ ਸਰਬਜੀਤ ਸਿੰਘ ਖਾਲਸਾ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਇਲਾਕੇ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਅਤੇ ਆਰ.ਐਸ.ਪੀ. ਦੀ ਲੋਕ ਪੱਖੀ ਰਾਜਨੀਤੀ ਨੂੰ ਸਮਰਥਨ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਜਥੇਦਾਰ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ “ਖੰਨਾ ਹਲਕੇ ਦੇ ਲੋਕ ਹੁਣ ਰਵਾਇਤੀ ਸਿਆਸੀ ਪਾਰਟੀਆਂ ਦੀ ਵੋਟਾਂ ਦੀ ਰਾਜਨੀਤੀ ਤੋਂ ਅੱਕ ਚੁੱਕੇ ਹਨ। ਲੋਕ ਆਪਣੇ ਹੱਕਾਂ, ਇਲਾਕੇ ਦੇ ਵਿਕਾਸ ਅਤੇ ਇਮਾਨਦਾਰ ਲੋਕ ਪੱਖੀ ਰਾਜਨੀਤਿਕ ਬਦਲਾਅ ਦੀ ਭਾਲ ਵਿੱਚ ਹਨ। ਪਿੰਡਾਂ ਵਿੱਚ ਮਿਲ ਰਿਹਾ ਪਿਆਰ ਅਤੇ ਸਮਰਥਨ ਇਸ ਗੱਲ ਦਾ ਸਬੂਤ ਹੈ ਕਿ ਲੋਕ ਆਰ.ਐਸ.ਪੀ. ਨੂੰ ਇੱਕ ਮਜ਼ਬੂਤ ਰਾਜਨੀਤਿਕ ਵਿਕਲਪ ਵਜੋਂ ਦੇਖ ਰਹੇ ਹਨ।”
ਉਨ੍ਹਾਂ ਕਿਹਾ ਕਿ ਆਰ.ਐਸ.ਪੀ. ਦਾ ਮਿਸ਼ਨ 2027 ਸਿਰਫ਼ ਚੋਣ ਜਿੱਤਣ ਤੱਕ ਸੀਮਤ ਨਹੀਂ, ਸਗੋਂ ਪੰਜਾਬ ਵਿੱਚ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਔਰਤਾਂ, ਵਪਾਰੀਆਂ ਅਤੇ ਹਰ ਵਰਗ ਦੇ ਲੋਕਾਂ ਦੇ ਹੱਕਾਂ ਲਈ ਮਜ਼ਬੂਤ ਆਵਾਜ਼ ਖੜ੍ਹੀ ਕਰਨਾ ਹੈ।
ਉਨ੍ਹਾਂ ਕਿਹਾ ਕਿ ਖੰਨਾ ਹਲਕੇ ਵਿੱਚ ਰੁਜ਼ਗਾਰ, ਕਿਸਾਨੀ, ਸਿੱਖਿਆ, ਸਿਹਤ ਸਹੂਲਤਾਂ, ਪਿੰਡਾਂ ਦੀਆਂ ਸੜਕਾਂ, ਸੀਵਰੇਜ, ਪੀਣ ਵਾਲਾ ਪਾਣੀ, ਨੌਜਵਾਨਾਂ ਲਈ ਰੁਜ਼ਗਾਰ ਅਤੇ ਖੰਨਾ ਨੂੰ ਜ਼ਿਲ੍ਹਾ ਬਣਾਉਣ ਵਰਗੇ ਮੁੱਦੇ ਆਰ.ਐਸ.ਪੀ. ਦੀ ਮੁਹਿੰਮ ਦੇ ਮੁੱਖ ਕੇਂਦਰ ਹੋਣਗੇ।
ਆਰ.ਐਸ.ਪੀ. ਪੰਜਾਬ ਦੇ ਸਕੱਤਰ ਕਰਨੈਲ ਸਿੰਘ ਇਕੋਲਾਹਾ ਨੇ ਕਿਹਾ ਕਿ ਪਿੰਡਾਂ ਵਿੱਚ ਲੋਕਾਂ ਦਾ ਵਧ ਰਿਹਾ ਉਤਸ਼ਾਹ ਦਰਸਾਉਂਦਾ ਹੈ ਕਿ ਖੰਨਾ ਹਲਕੇ ਵਿੱਚ ਲੋਕ ਇੱਕ ਮਜ਼ਬੂਤ, ਇਮਾਨਦਾਰ ਅਤੇ ਲੋਕ ਪੱਖੀ ਰਾਜਨੀਤਿਕ ਵਿਕਲਪ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਆਰ.ਐਸ.ਪੀ. ਲੋਕਾਂ ਦੇ ਮੁੱਦਿਆਂ ਨੂੰ ਚੋਣਾਂ ਤੱਕ ਸੀਮਤ ਨਹੀਂ ਰੱਖੇਗੀ, ਬਲਕਿ ਲੋਕਾਂ ਦੇ ਸੰਘਰਸ਼ਾਂ ਨਾਲ ਲਗਾਤਾਰ ਖੜ੍ਹੀ ਰਹੇਗੀ।
ਇਸ ਮੌਕੇ ਪਾਰਟੀ ਦੇ ਸਥਾਨਕ ਆਗੂ, ਵਰਕਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
