ਵਿਆਹ ਪੁਰਬ ਦੇ ਮੱਦੇਨਜ਼ਰ ਬਟਾਲਾ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਡਿਪਟੀ ਕਮਿਸ਼ਨਰ ਨੇ ਕੀਤੀ ਸਮੀਖਿਆ।
ਅਧਿਕਾਰੀਆਂ ਨੂੰ ਵਿਆਹ ਪੁਰਬ ਤੋਂ ਪਹਿਲਾਂ ਗੁਰਦੁਆਰਾ ਸਾਹਿਬਾਨ ਨੂੰ ਜਾਂਦੇ ਰਸਤਿਆਂ ਨੂੰ ਮੁਕੰਮਲ ਕਰਨ ਦੇ ਦਿੱਤੇ ਨਿਰਦੇਸ਼
ਜੇਐਲ ਨਿਊਜ਼/JL News
ਬਟਾਲਾ(ਪੰਜਾਬ) 02-06-2022
ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ 3 ਸਤੰਬਰ ਨੂੰ ਆ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੋਂ ਪਹਿਲਾਂ ਬਟਾਲਾ ਸ਼ਹਿਰ ’ਚ ਗੁਰਦੁਆਰਾ ਸਾਹਿਬਾਨ ਨੂੰ ਜਾਂਦੇ ਸਾਰੇ ਰਸਤਿਆਂ ਦੇ ਵਿਕਾਸ ਕਾਰਜਾਂ ਨੂੰ ਮੁਕੰਮਲ ਕਰ ਲਿਆ ਜਾਵੇ ਤਾਂ ਜੋ ਸੰਗਤਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਡਿਪਟੀ ਕਮਿਸ਼ਨਰ ਅੱਜ ਜ਼ੂਮ ਮੀਟਿੰਗ ਜਰੀਏ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਕਰ ਰਹੇ ਸਨ।
ਮੀਟਿੰਗ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਗੁਰਨਾਮ ਸਿੰਘ ਜੱਸਲ ਨੇ ਗੁਰਦਆਰਾ ਸ੍ਰੀ ਕੰਧ ਸਾਹਿਬ ਅਤੇ ਸ੍ਰੀ ਡੇਹਰਾ ਸਾਹਿਬ ਨੂੰ ਜਾਂਦੇ ਰਸਤਿਆਂ ਨੂੰ ਬਣਾਉਣ ਅਤੇ ਆਲੇ ਦੁਆਲੇ ਕੂੜੇ ਦੇ ਢੇਰਾਂ ਨੂੰ ਸਾਫ ਕਰਨ ਦੀ ਮੰਗ ਕੀਤੀ। ਇਸ ’ਤੇ ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਗੁਰਦਆਰਾ ਸਾਹਿਬਾਨ ਦੇ ਨੇੜੇ ਲੱਗਦੇ ਸਾਰੇ ਕੂੜੇ ਦੇ ਢੇਰਾਂ ਨੂੰ ਰੋਜ਼ਾਨਾਂ ਚੁੱਕਿਆ ਜਾਵੇ। ਉਨ੍ਹਾਂ ਨਗਰ ਨਿਗਮ ਬਟਾਲਾ, ਲੋਕ ਨਿਰਮਾਣ ਵਿਭਾਗ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਟਾਲਾ ਸ਼ਹਿਰ ਵਿੱਚ 3 ਸਤੰਬਰ ਨੂੰ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੋਂ ਪਹਿਲਾਂ-ਪਹਿਲਾਂ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਸ੍ਰੀ ਡੇਹਰਾ ਸਾਹਿਬ ਨੂੰ ਜਾਂਦੇ ਸਾਰੇ ਰਸਤਿਆਂ ਅਤੇ ਨਗਰ ਕੀਰਤਨ ਦੇ ਰੂਟ ਦੀਆਂ ਸਾਰੀਆਂ ਸੜਕਾਂ ਬਣਾਉਣ ਦੇ ਕੰਮ ਨੂੰ ਮੁਕੰਮਲ ਕੀਤਾ ਜਾਵੇ।ਮੀਟਿੰਗ ਦੌਰਾਨ ਸੀਵਰੇਜ ਬੋਰਡ ਦੇ ਐਕਸੀਅਨ ਨੇ ਦੱਸਿਆ ਕਿ ਜਲੰਧਰ ਰੋਡ ਦੇ ਸੀਵਰੇਜ ਪਾਉਣ ਦਾ ਕੰਮ 15 ਜੁਲਾਈ ਤੱਕ ਮੁਕੰਮਲ ਹੋ ਜਾਵੇਗਾ ਅਤੇ ਉਸ ਤੋਂ ਬਾਅਦ ਲੋਕ ਨਿਰਮਾਣ ਵਿਭਾਗ ਵੱਲੋਂ ਸੜਕ ਬਣਾਉਣ ਦੀ ਕਾਰਵਾਈ ਅਰੰਭੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਵਿੱਚ ਬੰਦ ਪਈਆਂ ਸਟਰੀਟ ਲਾਈਟਾਂ ਨੂੰ ਤੁਰੰਤ ਠੀਕ ਕੀਤਾ ਜਾਵੇ ਅਤੇ ਜਲੰਧਰ ਬਾਈਪਾਸ ਤੋਂ ਹਾਥੀ ਗੇਟ ਅਤੇ ਬਾਈਪਾਸ ਤੋਂ ਠਠਿਆਰੀ ਗੇਟ ਤੱਕ ਦੋਵੇਂ ਰਸਤਿਆਂ ਉੱਪਰ ਨਵੀਆਂ ਲਾਈਟਾਂ ਲਗਾਉਣ ਦਾ ਐਸਟੀਮੈਟ ਤਿਆਰ ਕੀਤਾ ਜਾਵੇ। ਇਸਦੇ ਨਾਲ ਹੀ ਉਨ੍ਹਾਂ ਬਟਾਲਾ ਸ਼ਹਿਰ ਦੇ ਸਾਰੇ ਗੇਟਾਂ ਨੂੰ ਵਿਰਾਸਤੀ ਦਿੱਖ ਦੇਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਜੋ ਇੱਕ ਹਫ਼ਤੇ ਵਿੱਚ ਇਸਦੀ ਰਿਪੋਰਟ ਦੇਵੇਗੀ।
