– ਕਿਹਾ! ਪੰਜਾਬ ਸਰਕਾਰ ਸੂਬੇ ਦੇ ਹਰੇਕ ਵਰਗ ਦੇ ਲੋਕਾਂ ਦੇ ਸਮਾਜਿਕ ਅਤੇ ਆਰਥਿਕ ਉੱਥਾਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ– ਜ਼ਿਲ੍ਹਾ ਮੋਗਾ ਦੇ ਦਿਵਿਆਂਗਜਨਾਂ ਨੂੰ ਮੁਫ਼ਤ ਬਨਾਉਟੀ ਅੰਗ ਅਤੇ ਸਹਾਇਕ ਸਮੱਗਰੀ ਵੰਡਣ ਦੀ ਸ਼ੁਰੂਆਤ– 1015 ਦਿਵਿਯਾਂਗ ਵਿਅਕਤੀਆਂ ਨੂੰ ਮੁਫ਼ਤ ਮਿਲਣਗੇ 1 ਕਰੋੜ 56 ਲੱਖ 54 ਹਜ਼ਾਰ ਰੁਪਏ ਦੀ ਲਾਗਤ ਵਾਲੇ 1592 ਬਨਾਉਟੀ ਅੰਗ ਅਤੇ ਸਹਾਇਤਾ ਸਮੱਗਰੀ– ਯੋਗ ਲਾਭਪਾਤਰੀਆਂ ਦੀ ਰਜਿਸਟਰੇਸ਼ਨ ਦੁਬਾਰਾ ਸ਼ੁਰੂ ਕੀਤੀ ਜਾਵੇਗੀ – ਡਿਪਟੀ ਕਮਿਸ਼ਨਰ
ਜੇਐਲ ਨਿਊਜ਼ /JL NEWS
ਬਾਘਾਪੁਰਾਣਾ,ਮੋਗਾ(ਪੰਜਾਬ) / 17-09-2022
ਜ਼ਿਲ੍ਹਾ ਪ੍ਰਸ਼ਾਸ਼ਨ ਦੀ ਪਹਿਲਕਦਮੀ ਉੱਤੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਅਧੀਨ ਕੰਮ ਕਰ ਰਹੇ ਕੇਂਦਰ ਅਲਿਮਕੋ (ਆਰਟੀਫਿਸ਼ਲ ਲਿੰਬਜ਼ ਮੈਨੁਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ ਐਗਜਿਲਰੀ ਪ੍ਰੋਡਕਸ਼ਨ ਸੈਂਟਰ) ਵੱਲੋਂ ਸਰੀਰਕ ਤੌਰ ਉੱਤੇ ਦਿਵਿਯਾਂਗ ਵਿਅਕਤੀਆਂ ਨੂੰ ਮੁਫ਼ਤ ਬਣਾਵਟੀ ਅੰਗ ਅਤੇ ਹੋਰ ਸਹਾਇਕ ਸਮੱਗਰੀ ਵੰਡਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਹ ਉਪਰਾਲਾ ਅਜ਼ਾਦੀ ਕਾ ਅੰਮ੍ਰਿਤ ਮਹਾਂ-ਉਤਸਵ ਤਹਿਤ ਕੀਤਾ ਗਿਆ ਹੈ।
ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਸ੍ਰ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਇਸ ਉਪਰਾਲੇ ਤੋਂ ਖੁਸ਼ ਹੋ ਕੇ ਆਪਣੀ ਇਕ ਮਹੀਨੇ ਦੀ ਤਨਖ਼ਾਹ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੂੰ ਦੇਣ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੋਵੇਗੀ ਕਿ ਇਸ ਨੇਕ ਕਾਰਜ ਵਿਚ ਉਹਨਾਂ ਦਾ ਵੀ ਤਿਲ ਫੁੱਲ ਯੋਗਦਾਨ ਪੈ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਰੇਕ ਵਰਗ ਦੇ ਲੋਕਾਂ ਦੇ ਸਮਾਜਿਕ ਅਤੇ ਆਰਥਿਕ ਉੱਥਾਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਜਿੱਥੇ ਨੌਜਵਾਨਾਂ ਲਈ ਸਰਕਾਰੀ ਨੌਕਰੀਆਂ ਕੱਢੀਆਂ ਜਾ ਰਹੀਆਂ ਹਨ ਉਥੇ ਹੀ ਦਿਵਿਯਾਂਗ ਲੋਕਾਂ ਦੇ ਜੀਵਨ ਨਿਰਬਾਹ ਨੂੰ ਸੌਖਾ ਕਰਨ ਦਾ ਵੀ ਉਪਰਾਲਾ ਕੀਤਾ ਜਾ ਰਿਹਾ ਹੈ। ਉਹਨਾਂ ਮੁਫ਼ਤ ਬਣਾਵਟੀ ਅੰਗ ਅਤੇ ਹੋਰ ਸਹਾਇਕ ਸਮੱਗਰੀ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਨੂੰ ਮੁਬਾਰਕਬਾਦ ਦਿੱਤੀ।
ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਕੈਂਪ 4 ਜੁਲਾਈ ਤੋਂ 8 ਜੁਲਾਈ ਤੱਕ ਮੋਗਾ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਧਰਮਕੋਟ ਅਤੇ ਫ਼ਤਹਿਗੜ੍ਹ ਪੰਜਤੂਰ ਵਿਖੇ ਲਗਾਏ ਗਏ ਸਨ। ਇਹਨਾਂ ਕੈਂਪਾਂ ਵਿੱਚ ਅਲਿਮਕੋ ਦੇ ਮਾਹਿਰ ਡਾਕਟਰਾਂ ਵੱਲੋਂ ਯੋਗ ਲਾਭਪਾਤਰੀਆਂ ਦੀ ਅਸੈਸਮੇਂਟ ਕੀਤੀ ਗਈ ਸੀ। ਇਹਨਾਂ ਕੈਂਪਾਂ ਦਾ ਲਾਭ ਲੈਣ ਲਈ ਲਾਭਪਾਤਰੀ ਕੋਲ ਯੂ. ਡੀ. ਆਈ. ਡੀ. ਕਾਰਡ ਹੋਣਾ ਲਾਜ਼ਮੀ ਸੀ। ਉਹਨਾਂ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਵੀ ਅਜਿਹੇ ਕੈਂਪ ਜਾਰੀ ਰਹਿਣਗੇ ਤਾਂ ਜੌ ਰਹਿੰਦੇ ਲੋਕਾਂ ਨੂੰ ਵੀ ਲਾਭ ਦਿੱਤਾ ਜਾ ਸਕੇ। ਉਹਨਾਂ ਦੱਸਿਆ ਕਿ ਜੁਲਾਈ ਮਹੀਨੇ ਕੀਤੀ ਗਈ ਅਸੈਸਮੇਂਟ ਵਿੱਚ 1015 ਯੋਗ ਲਾਭਪਾਤਰੀਆਂ ਦੀ ਪਛਾਣ ਕੀਤੀ ਗਈ ਸੀ। ਇਹਨਾਂ ਸਾਰਿਆਂ ਨੂੰ 1 ਕਰੋੜ 56 ਲੱਖ 54 ਹਜ਼ਾਰ ਰੁਪਏ ਦੀ ਲਾਗਤ ਵਾਲੇ 1592 ਉਪਕਰਨਾਂ ਦੀ ਵੰਡ ਕੀਤੀ ਜਾਣੀ ਹੈ। ਮਿਤੀ 18 ਸਤੰਬਰ ਨੂੰ ਨਿਹਾਲ ਸਿੰਘ ਵਾਲਾ ਅਤੇ 19 ਸਤੰਬਰ ਨੂੰ ਧਰਮਕੋਟ ਵਿਖੇ ਅਜਿਹੇ ਕੈਂਪ ਲੱਗਣਗੇ।
ਇਹਨਾਂ ਕੈਂਪਾਂ ਦੌਰਾਨ ਯੋਗ ਵਿਅਕਤੀਆਂ ਨੂੰ ਮੋਟਰਰਾਈਜ਼ਡ ਟ੍ਰਾਈਸਾਈਕਲ, ਟ੍ਰਾਈਸਾਈਕਲ ਚਾਈਲਡ, ਟ੍ਰਾਈਸਾਈਕਲ ਅਡਲਟ, ਵ੍ਹੀਲ ਚੇਅਰ ਚਾਈਲਡ, ਵ੍ਹੀਲ ਚੇਅਰ ਅਡਲਟ, ਐਮ ਐਸ ਆਈ ਈ ਡੀ ਕਿੱਟ, ਬੀ ਟੀ ਈ, ਸਮਾਰਟਫੋਨ, ਐਲਬੋਵ ਕਲੱਚ ਲਾਰਜ, ਕਲੱਚ ਸਮਾਲ, ਕਲੱਚ ਲਾਰਜ, ਕਲੱਚ ਮੀਡੀਅਮ, ਵਾਕਿੰਗ ਸਟਿੱਕ, ਰੋਲੇਟਰ ਅਡਲਟ, ਸੀ ਪੀ ਚੇਅਰ, ਬਨਾਉਟੀ ਅੰਗ ਅਤੇ ਕਲਿੱਪਰ ਆਦਿ ਬਿਲਕੁਲ ਮੁਫ਼ਤ ਮਿਲ ਰਹੇ ਹਨ। ਇਸ ਮੌਕੇ ਐੱਸ ਡੀ ਐੱਮ ਸ੍ਰ ਰਾਮ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀਮਤੀ ਕਿਰਤ ਪ੍ਰੀਤ ਕੌਰ ਅਤੇ ਹੋਰ ਵੀ ਹਾਜ਼ਰ ਸਨ।