ਜੇਐਲ ਨਿਊਜ਼ / JL NEWS
ਮਲੌਦ/ਖੰਨਾ(ਪੰਜਾਬ) / 24-07-2026
(ਰਿਪੋਰਟ- ਜੇ ਪੀ ਸਿੰਘ, ਸੁਖਦੇਵ ਸਿੰਘ)
ਲਖਵੀਰ ਸਿੰਘ ਲੱਖਾ ਸਾਬਕਾ ਐਮਐਲਏ* ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਬਰਨਾਲਾ ਵਿਖੇ ਸਫਾਈ ਕਰਮਚਾਰੀਆਂ ਨਾਲ ਕੀਤੇ ਗਏ ਤਸ਼ੱਦਦ ਦੀ ਘਟਨਾ ਦੇ ਵਿਰੋਧ ‘ਚ ਅੱਜ ਹਲਕਾ ਪਾਇਲ ਦੇ ਸ਼ਹਿਰ ਮਲੌਦ ਵਿਖੇ ਵੱਖ-ਵੱਖ ਸਮਾਜਿਕ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।
ਜਾਣਕਾਰੀ ਅਨੁਸਾਰ ਬਰਨਾਲਾ ਵਿਖੇ ਸਫਾਈ ਦਾ ਕੰਮ ਕਰ ਰਹੇ ਕਰਮਚਾਰੀਆਂ ਖਾਸ ਕਰਕੇ ਮਾਵਾਂ ਅਤੇ ਭੈਣਾਂ ਨਾਲ ਪੁਲਿਸ ਵੱਲੋਂ ਕੀਤੇ ਗਏ ਅਤਿਆਚਾਰ ਤੋਂ ਗੁੱਸੇ ‘ਚ ਆਏ ਲੋਕਾਂ ਨੇ ਮਲੌਦ ਦੇ ਮੁੱਖ ਬਾਜ਼ਾਰ ‘ਚ ਇਕੱਠੇ ਹੋ ਕੇ ਰੋਸ ਮਾਰਚ ਕੱਢਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਦਾ ਪੁਤਲਾ ਫੂਕ ਕੇ ਆਪਣਾ ਰੋਸ ਜ਼ਾਹਰ ਕੀਤਾ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਜਿਹੜੇ ਕਰਮਚਾਰੀ ਦਿਨ-ਰਾਤ ਸਾਡੇ ਸ਼ਹਿਰਾਂ ਨੂੰ ਸਾਫ਼ ਰੱਖਦੇ ਹਨ, ਉਨ੍ਹਾਂ ਨਾਲ ਇਸ ਤਰ੍ਹਾਂ ਦਾ ਅਮਾਨਵੀ ਵਿਵਹਾਰ ਕਰਨਾ ਬਹੁਤ ਹੀ ਨਿੰਦਣਯੋਗ ਹੈ। ਸਰਕਾਰ ਵੱਲੋਂ ਗਰੀਬ ਅਤੇ ਮਜ਼ਦੂਰ ਵਰਗ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਇਸ ਮਾਮਲੇ ‘ਚ ਦਖਲ ਨਾ ਦਿੱਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਰਨਾਲਾ ਦੀ ਘਟਨਾ ‘ਚ ਸ਼ਾਮਲ ਜਿਨ੍ਹਾਂ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਇਹ ਅਤਿਆਚਾਰ ਕੀਤਾ ਹੈ, ਉਨ੍ਹਾਂ ਖਿਲਾਫ ਤੁਰੰਤ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਮੁਅੱਤਲ ਕੀਤਾ ਜਾਵੇ। ਨਾਲ ਹੀ ਜ਼ਖਮੀ ਕਰਮਚਾਰੀਆਂ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ‘ਚ ਵੱਡੇ ਪੱਧਰ ‘ਤੇ ਸੰਘਰਸ਼ ਕੀਤਾ ਜਾਵੇਗਾ, ਜਿਸਦੀ ਜ਼ਿੰਮੇਵਾਰੀ ਸਿੱਧੇ ਤੌਰ ‘ਤੇ ਪੰਜਾਬ ਸਰਕਾਰ ਦੀ ਹੋਵੇਗੀ।
